ਇਸਲਾਮਾਬਾਦ: ਪਾਕਿਸਤਾਨ ਦੇ ਹਾਇਰ ਐਜੂਕੇਸ਼ਨ ਕਮਿਸ਼ਨ ਦੇ ਇਕ ਤੁਗਲਕੀ ਫੈਸਲੇ ਤੋਂ ਬਾਅਦ ਹੁਣ ਸਖਤ ਨਿੰਦਾ ਹੋ ਰਹੀ ਹੈ। ਕਮਿਸ਼ਨ ਨੇ ਹੁਣ ਕਿਸੇ ਵੀ ਸਕੂਲ ਜਾਂ ਕਾਲਜ ਕੈਂਪਸ ਵਿੱਚ ਹੋਲੀ ਖੇਡਣ ’ਤੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨੀ ਸਰਕਾਰ ਦੇ ਇਸ ਫੈਸਲੇ ਨੂੰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਣ ਵਾਲਾ ਦੱਸਿਆ ਜਾ ਰਿਹਾ ਹੈ। ਕਮਿਸ਼ਨ ਵੱਲੋਂ ਹੋਲੀ ’ਤੇ ਪਾਬੰਦੀ ਲਾਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸਲਾਮਾਬਾਦ ਦੀ ਕਾਇਦ-ਏ-ਆਜ਼ਮ ਯੂਨੀਵਰਸਿਟੀ ਵਿਖੇ 12 ਜੂਨ ਨੂੰ ਹੋਲੀ ਦਾ ਤਿਉਹਾਰ ਮਨਾਇਆ ਗਿਆ ਸੀ।
ਹੋਲੀ ਇਸਲਾਮ ਲਈ ਖ਼ਤਰਾ?
ਹੁਕਮ 'ਚ ਕਿਹਾ ਗਿਆ ਹੈ ਕਿ ਕਾਲਜ ਕੈਂਪਸ 'ਚ ਇਸਲਾਮਿਕ ਕਦਰਾਂ-ਕੀਮਤਾਂ ਦੇ ਵਿਨਾਸ਼ ਨਾਲ ਜੁੜੀਆਂ ਕਈ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਹ ਬਹੁਤ ਦੁੱਖ ਦੀ ਗੱਲ ਹੈ। ਅਜਿਹੀ ਹੀ ਇੱਕ ਉਦਾਹਰਣ ਹੈ ਹਿੰਦੂ ਤਿਉਹਾਰ 'ਹੋਲੀ'। ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਵਿੱਚ ਹੋਲੀ ਦਾ ਤਿਉਹਾਰ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਤਿਉਹਾਰ ਕਾਰਨ ਦੇਸ਼ ਦਾ ਅਕਸ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ ਇਸ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਕੁਝ ਵਿਦਿਆਰਥੀ ਇਸ ਹੁਕਮ ਦਾ ਸਖ਼ਤ ਵਿਰੋਧ ਕਰ ਰਹੇ ਹਨ।
ਸਰਕਾਰ 'ਤੇ ਚੁੱਕੇ ਸਵਾਲ
ਕੁਝ ਵਿਦਿਆਰਥੀਆਂ ਨੇ ਕਿਹਾ ਹੈ ਕਿ ਦੇਸ਼ ਦੀ ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਹੋਲੀ-ਦੀਵਾਲੀ ਸਿੰਧੀ ਸੱਭਿਆਚਾਰ ਦਾ ਹਿੱਸਾ ਹੈ। ਪਾਕਿਸਤਾਨ ਦੀ ਸਰਕਾਰ ਨਾ ਤਾਂ ਸਿੰਧੀ ਭਾਸ਼ਾ ਨੂੰ ਪ੍ਰਵਾਨ ਕਰਦੀ ਹੈ ਅਤੇ ਨਾ ਹੀ ਹਿੰਦੂ ਤਿਉਹਾਰਾਂ ਨੂੰ ਕੋਈ ਸਨਮਾਨ ਦਿੰਦੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਐਲਾਨਣ ਵਾਲੇ ਪਾਕਿਸਤਾਨੀ ਸਿਆਸਤਦਾਨ ਹੁਣ ਕੀ ਕਰਨਗੇ। ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਤੋਂ ਪੁੱਛਿਆ ਗਿਆ ਹੈ ਕਿ ਕੀ ਉਹ ਇਸ ਪਾਬੰਦੀ ਵਿਰੁੱਧ ਕੋਈ ਆਵਾਜ਼ ਉਠਾਉਣਗੇ ਜਾਂ ਨਹੀਂ?
ਹੰਗਾਮਾ ਕਿਵੇਂ ਸ਼ੁਰੂ ਹੋਇਆ....?
12 ਜੂਨ ਨੂੰ ਕਾਇਦ-ਏ-ਆਜ਼ਮ ਯੂਨੀਵਰਸਿਟੀ ਵਿੱਚ ਹੋਲੀ ਦੇ ਤਿਉਹਾਰ ਤੋਂ ਬਾਅਦ ਇਹ ਹੰਗਾਮਾ ਸ਼ੁਰੂ ਹੋ ਗਿਆ ਸੀ। ਇਹ ਸਮਾਗਮ ਮਹਿਰਾਨ ਸਟੂਡੈਂਟ ਕੌਂਸਲ ਵੱਲੋਂ ਕਰਵਾਇਆ ਗਿਆ। ਇਹ ਯੂਨੀਵਰਸਿਟੀ ਦੀ ਇੱਕ ਗੈਰ-ਸਿਆਸੀ ਸੱਭਿਆਚਾਰਕ ਸੰਸਥਾ ਹੈ।ਯੂਨੀਵਰਸਿਟੀ ਦੇ ਅਧਿਕਾਰਤ ਪੇਜ ਦੁਆਰਾ ਇੱਕ ਵੀਡੀਓ ਪੋਸਟ ਕੀਤਾ ਗਿਆ ਸੀ, ਜਿਸ ਵਿੱਚ ਕੁਝ ਵਿਦਿਆਰਥੀ ਡਾਂਸ ਕਰਦੇ ਨਜ਼ਰ ਆ ਰਹੇ ਸਨ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ, 'ਕਾਇਦ-ਏ-ਆਜ਼ਮ ਯੂਨੀਵਰਸਿਟੀ ਇਸਲਾਮਾਬਾਦ, ਪਾਕਿਸਤਾਨ ਵਿੱਚ ਹੋਲੀ ਦਾ ਜਸ਼ਨ। ਪਾਕਿਸਤਾਨ ਵਿੱਚ ਹੋਲੀ ਦਾ ਸਭ ਤੋਂ ਵੱਡਾ ਤਿਉਹਾਰ।'