ਲੁਧਿਆਣਾ: CMS ਡਕੈਤੀ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਲੁਟੇਰਿਆਂ ਵੱਲੋਂ ਲੁੱਟੀ ਗਈ ਰਕਮ ਵੀ ਕਿਸੇ ਹੋਰ ਵਿਅਕਤੀ ਨੇ ਚੋਰੀ ਕਰ ਲਈ, ਜਿਨ੍ਹਾਂ ਨੇ ਸ਼ੈਵਰਲੇ ਕਾਰ ਦੇ ਤਾਲੇ ਤੋੜ ਕੇ ਪੈਸੇ ਲੁੱਟ ਲਏ। ਫਰਾਰ ਲੁਟੇਰਿਆਂ ਤੋਂ ਇਲਾਵਾ ਹੁਣ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਚਾਰ ਹੋਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 1 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਇਸ ਘਟਨਾ ਵਿੱਚ ਕੁੱਲ 6 ਕਰੋੜ 96 ਲੱਖ 700 ਰੁਪਏ ਬਰਾਮਦ ਕੀਤੇ ਹਨ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮਾਂ ਨੇ ਆਪਣੀ ਕਾਰ ਅਰੁਣ ਕੋਚ ਦੇ ਘਰ ਦੇ ਬਾਹਰ ਖੜ੍ਹੀ ਕੀਤੀ ਸੀ, ਜਿੱਥੇ ਉਸ ਦਾ ਦੋਸਤ ਨੀਰਜ ਉਸ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਤੇ ਸ਼ੱਕ ਸੀ ਕਿ ਉਨ੍ਹਾਂ ਨੇ ਕੋਈ ਵੱਡੀ ਵਾਰਦਾਤ ਕੀਤੀ ਹੈ | ਜਿਸ ਤੋਂ ਬਾਅਦ ਨੀਰਜ ਨੇ ਤਿੰਨ ਹੋਰ ਮੁਲਜ਼ਮਾਂ ਮਨਦੀਪ ਕੁਮਾਰ ਉਰਫ਼ ਬੱਬੂ, ਪ੍ਰਿੰਸ ਅਤੇ ਅਭੀ ਸਿੰਗਲਾ ਉਰਫ਼ ਅਭੀ ਨਾਲ ਮਿਲ ਕੇ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਅੰਦਰੋਂ ਪੈਸੇ ਕੱਢ ਲਏ। ਪੁਲਿਸ ਨੇ ਗੱਡੀ ਵਿੱਚੋਂ 2 ਕਰੋੜ 25 ਲੱਖ 700 ਰੁਪਏ ਬਰਾਮਦ ਕੀਤੇ ਸਨ।
ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਮਨਦੀਪ ਕੁਮਾਰ ਉਰਫ਼ ਬੱਬੂ ਅਤੇ ਪ੍ਰਿੰਸ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦਕਿ ਹੁਣ ਸਿੰਗਲਾ ਨੇ ਪੁਲਿਸ ਕਾਰਵਾਈ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਘਟਨਾ ਦੇ ਸਬੰਧ ਵਿੱਚ 6 ਕਰੋੜ 96 ਲੱਖ 700 ਰੁਪਏ ਬਰਾਮਦ ਕੀਤੇ ਹਨ।
ਇੰਝ ਹੋਈ 'ਡਾਕੂ ਹਸੀਨਾ' ਦੀ ਗ੍ਰਿਫ਼ਤਾਰੀ; ਧਾਰਮਿਕ ਯਾਤਰਾ ਦੌਰਾਨ ਗੁਲੂਕੋਸ ਪੀਣ ਰੁਕੀ ਸੀ ਮੋਨਾ
ਲੁਧਿਆਣਾ 8.49 ਕਰੋੜ ਦੀ ਡਕੈਤੀ ਦੀ ਮਾਸਟਰਮਾਈਂਡ 'ਡਾਕੂ ਹਸੀਨਾ' ਮਨਦੀਪ ਕੌਰ ਉਰਫ਼ ਮੋਨਾ ਅਤੇ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਪੰਜਾਬ ਪੁਲਿਸ ਨੇ ਬੀਤੇ ਕੱਲ੍ਹ ਖੁੱਲ੍ਹੀ ਚੁਣੌਤੀ ਦਿੱਤੀ ਸੀ। ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਮੁਲਜ਼ਮਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਸੀ ਕਿ 'ਜਿਨ੍ਹਾਂ ਭੱਜਣਾ ਭੱਜ ਲੈਣ ਪਰ ਉਹ ਪੰਜਾਬ ਪੁਲਿਸ ਤੋਂ ਬਚ ਨਹੀਂ ਸਕਣਗੇ'। ਜਿਸ ਮਗਰੋਂ ਮਹਿਜ਼ ਕੁਝ ਘੰਟਿਆਂ ਬਾਅਦ ਪੰਜਾਬ ਦੇ ਡੀ.ਜੀ.ਪੀ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਖੁਲਾਸਾ ਕਰ ਦਿੱਤਾ ਕਿ ਡਾਕੂ ਹਸੀਨਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਗੁਲਾਬੀ ਰੰਗ ਦੇ ਬੂਟਾਂ ਤੋਂ ਹੋਈ ਪਛਾਣ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਡਾਕੂ ਹਸੀਨਾ ਨੇ ਲੁੱਟ ਮਗਰੋਂ ਹਰਿਦੁਆਰ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਧਾਰਮਿਕ ਯਾਤਰਾ ਦੀ ਸੁਖ ਸੁਖੀ ਹੋਈ ਸੀ। ਜਿਸ ਮਗਰੋਂ ਜਿੱਥੇ ਪੰਜਾਬ ਪੁਲਿਸ ਵੱਲੋਂ ਮੁਲਜ਼ਮ ਮਨਦੀਪ ਕੌਰ ਅਤੇ ਲੁੱਟ 'ਚ ਸ਼ਾਮਲ ਉਸਦੇ ਪਤੀ ਜਸਵਿੰਦਰ ਸਿੰਘ ਦੀ ਭਾਲ ਜਾਰੀ ਸੀ, ਉਥੇ ਹੀ ਇਹ ਦੋਵੇਂ ਲੁੱਟ ਕਾਮਯਾਬ ਹੋਣ ਦੀ ਸੁਖਣਾ ਸੁੱਖਣ ਗਏ ਹੋਏ ਸਨ। ਪੂਰੀ ਖ਼ਬਰ ਪੜ੍ਹੋ .....
'ਆਪ' ਦਾ ਸੀਨੀਅਰ ਯੂਥ ਵਰਕਰ ਨਿਕਲਿਆ ਲੁਧਿਆਣਾ ਲੁੱਟ ਦਾ ਮਾਸਟਰਮਾਈਂਡ
ਲੁਧਿਆਣਾ 'ਚ 8.49 ਕਰੋੜ ਦੀ ਸਭ ਤੋਂ ਵੱਡੀ ਲੁੱਟ ਦੇ ਮਾਸਟਰਮਾਈਂਡ ਮਨਜਿੰਦਰ ਸਿੰਘ ਉਰਫ 'ਮਨੀ' ਨੂੰ ਪੰਜਾਬ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੋਇਆ ਹੈ। ਦੱਸਣਯੋਗ ਹੈ ਕਿ ਮਨੀ ਪਿਛਲੇ 4 ਸਾਲਾਂ ਤੋਂ ਸੀ.ਐੱਮ.ਐੱਸ ਕੰਪਨੀ ਦੀ ਗੱਡੀ ਚਲਾ ਰਿਹਾ ਸੀ। ਜਦੋਂ ਪੀ.ਟੀ.ਸੀ ਪੱਤਰਕਾਰ ਨਵੀਨ ਸ਼ਰਮਾ ਮੁਲਜ਼ਮ ਮਨੀ ਦੇ ਪਿੰਡ ਅਬੂਵਾਲ ਪਹੁੰਚੇ ਤਾਂ ਪਿੰਡ ਵਾਸੀਆਂ ਵੱਲੋਂ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ। ਜਿਨ੍ਹਾਂ ਲੋਕਾਂ ਨੇ ਬਚਪਨ ਤੋਂ ਹੀ ਮਨੀ ਨੂੰ ਵੱਡਾ ਹੁੰਦੇ ਦੇਖਿਆ, ਉਨ੍ਹਾਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਮਨੀ ਇਨ੍ਹਾਂ ਵੱਡਾ ਡਾਕੂ ਬਣ ਗਿਆ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿਕ ਕਰੋ।
ਹੋਰ ਖਬਰਾਂ ਵੀ ਪੜ੍ਹੋ:
- ਲੁਧਿਆਣਾ ਲੁੱਟ ਕਾਂਡ 'ਤੇ ਵੱਡੀ ਅਪਡੇਟ, 'ਡਾਕੂ ਮੋਨਾ' ਨੇ ਸੁੱਖ ਸੁੱਖੀ ਸੀ- CP
- ਜਲੰਧਰ 'ਚ ਬਰਫ਼ ਫੈਕਟਰੀ 'ਚੋਂ ਗੈਸ ਹੋਈ ਲੀਕ, ਲੋਕਾਂ ਨੇ ਕਿਹਾ ਸਾਹ ਲੈਣ 'ਚ ਦਿੱਕਤ