ਜਲੰਧਰ:- ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਸੀ.ਐਂਡ.ਵੀ, ਕੰਪਿਊਟਰ ਅਧਿਆਪਕ ਅਤੇ ਲੈਕਚਰਾਰ ਕਾਡਰ ਦੇ ਅਧਿਆਪਕਾਂ ਦੀਆਂ ਜ਼ਬਰੀ ਬਦਲੀਆਂ ਸਕੂਲ ਆਫ ਐਮੀਨੈਂਸ ਵਿੱਚ ਕਰ ਦਿੱਤੀਆਂ ਹਨ। ਡੈਮੋਕਰੈਟਿਕ ਟੀਚਰਸ ਫਰੰਟ ਪੰਜਾਬ ਦੇ ਸੱਦੇ 'ਤੇ ਇਹਨਾਂ ਬਦਲੀਆਂ ਦੇ ਵਿਰੋਧ ਵਿੱਚ ਜ਼ਿਲ੍ਹਾ ਜਲੰਧਰ ਦੇ ਕਈ ਸਕੂਲਾਂ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ।
ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕੋਟਲੀ ਅਤੇ ਸਕੱਤਰ ਅਵਤਾਰ ਲਾਲ ਨੇ ਦੱਸਿਆ ਕਿ ਸਰਕਾਰ ਦਾ ਅਧਿਆਪਕਾਂ ਅਤੇ ਬਹੁਗਿਣਤੀ ਵਿਦਿਆਰਥੀਆਂ ਦੇ ਹਿੱਤਾਂ ਵਿਰੁੱਧ ਇਹ ਵੱਡਾ ਹਮਲਾ ਹੈ। ਇਸ ਰਾਹੀਂ ਸਰਕਾਰ ਅਧਿਆਪਕਾਂ ਦੀਆਂ ਬਦਲੀਆਂ ਆਪਣੀ ਮਰਜ਼ੀ ਅਨੁਸਾਰ ਕਰਨ ਦੀ ਲੀਹ ਪਾ ਰਹੀ ਹੈ। ਜੋ ਕਿ ਤਾਨਾਸ਼ਾਹੀ ਹੈ। ਐਮੀਨੈਂਸ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨਾ ਲਈ ਨਵੀਂ ਭਰਤੀ ਕਰਨੀ ਚਾਹੀਦੀ ਹੈ। ਪਰੰਤੂ ਜਦੋਂ ਸੈਸ਼ਨ ਅੱਧੇ ਤੋਂ ਜਿਆਦਾ ਲੰਘ ਚੁੱਕਾ ਹੈ, ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਰੋਲ ਕੇ ਐਮੀਨੈਂਸ ਸਕੂਲਾਂ ਵਿੱਚ ਸਟਾਫ ਪੂਰਾ ਕਰਨ ਦੀ ਕਾਣੀ ਵੰਡ ਦੀ ਨੀਤੀ ਬਣਾ ਕੇ ਸਕੂਲੀ ਬੱਚਿਆਂ ਨਾਲ ਬੇਇਨਸਾਫੀ ਕਰ ਰਹੀ ਹੈ। ਇਹ ਕਦਮ ਜਿੱਥੇ ਅਧਿਆਪਕ ਵਿਰੋਧੀ ਹੈ, ਉੱਥੇ ਵਿਦਿਆਰਥੀ ਵਿਰੋਧੀ ਵੀ ਹੈ। ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਅੱਜ ਇਸ ਸਬੰਧੀ ਵਿਰੋਧ ਪ੍ਰਦਰਸ਼ਨ ਕੀਤੇ ਗਏ। ਜਿਸ ਵਿੱਚ ਮੰਗ ਕੀਤੀ ਗਈ ਕਿ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਬਦਲੀ ਕੀਤੇ ਗਏ ਅਧਿਆਪਕਾਂ ਨੂੰ ਉਹਨਾਂ ਦੇ ਸਕੂਲ ਵਿੱਚ ਹੀ ਰਹਿਣ ਦਿੱਤਾ ਜਾਵੇ।