ਸਹਿਕਾਰਤਾ ਵਿਭਾਗ ਦੇ ਸਮੂਹ ਇੰਸਪੈਕਟਰਾਂ ਵੱਲੋਂ ਹੁਸ਼ਿਆਰਪੁਰ ਵਿਖੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ
ਹੁਸ਼ਿਆਰਪੁਰ:- ਡੀ.ਸੀ. ਹੁਸ਼ਿਆਰਪੁਰ ਦਫਤਰ ਦੇ ਬਾਹਰ ਸਹਿਕਾਰਤਾ ਵਿਭਾਗ ਦੇ ਪੰਜਾਬ ਭਰ ਤੋਂ ਆਏ ਇੰਸਪੈਕਟਰਾਂ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਭਾਰੀ ਨਾਰੇਬਾਜੀ ਕਰਨ ਉਪਰੰਤ ਪੁਤਲਾ ਸਾੜਿਆ। ਸੀਪੀਐਫ ਕਰਮਚਾਰੀ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਜੀਤ ਸਿੰਘ ਅਤੇ ਪੰਜਾਬ ਰਾਜ ਸਹਿਕਾਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅੰਕੁਰ ਸ਼ਰਮਾ ਵੱਲੋਂ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਵੱਲੋਂ ਵਿਭਾਗ ਦੇ ਮੌਜੂਦਾ ਸਹਾਇਕ ਰਜਿਸਟਰ ਸਹਿਕਾਰੀ ਸਭਾਵਾਂ ਦਸੂਹਾ ਨੂੰ ਜਾਣ ਬੁਝ ਕੇ ਇੱਕ ਝੂਠੇ ਮੁਕਦਮੇ ਵਿੱਚ ਫਸਾਇਆ ਗਿਆ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੀ ਯੂਨੀਅਨ ਕਿਸੇ ਵੀ ਰਿਸ਼ਵਤਖੋਰ ਕਰਮਚਾਰੀ ਜਾਂ ਅਫਸਰ ਦੀ ਹਮਾਇਤ ਨਹੀਂ ਕਰਦੀ ਪਰ ਇਸ ਕੇਸ ਵਿੱਚ ਕੁੱਲ ਪੰਜ ਕਰਮਚਾਰੀਆਂ ਨੂੰ ਵਿਜੀਲੈਂਸ ਵਿਭਾਗ ਵੱਲੋਂ ਸ਼ਾਮਿਲ ਕੀਤਾ ਗਿਆ ਹੈ। ਜਿਸ ਵਿੱਚੋਂ ਸ੍ਰੀ ਯੁੱਧਵੀਰ ਸਿੰਘ ਸਾਬਕਾ ਇੰਸਪੈਕਟਰ ਅਤੇ ਮੌਜੂਦਾ ਸਹਾਇਕ ਰਜਿਸਟਰਾਰ ਨੂੰ ਜਾਣ ਬੁਝ ਕੇ ਕੇਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਵਿਜੀਲੈਂਸ ਵਿਭਾਗ ਹੁਸ਼ਿਆਰਪੁਰ ਵੱਲੋਂ ਇਸ ਮੁੱਦੇ ਤੇ ਕਈ ਸਾਲ ਪੜਤਾਲ ਕਰਨ ਉਪਰੰਤ ਬੀਤੇ ਦਿਨ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਇਹ ਜਾਪਦਾ ਹੈ ਕਿ ਭਰਿਸ਼ਟਾਚਾਰ ਦੀ ਰੋਕਥਾਮ ਲਈ ਬਣੇ ਵਿਜੀਲੈਂਸ ਵਿਭਾਗ ਆਪ ਹੀ ਭਰਿਸ਼ਟਾਚਾਰੀ ਦਾ ਅੱਡਾ ਬਣੇ ਹੋਏ ਹਨ ਕਿਉਂਕਿ ਇਸ ਕੇਸ ਵਿੱਚ ਦਰਜ ਕੀਤੀ ਗਈ ਐਫਆਈਆਰ ਵਿੱਚ ਬਿਲਕੁਲ ਸਪਸ਼ਟ ਲਿਖਿਆ ਹੋਇਆ ਹੈ ਕਿ ਇੰਸਪੈਕਟਰ ਯੁੱਧਵੀਰ ਵੱਲੋਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਹੱਦ ਕਰਜੇ ਤੇ ਰੋਟੀਨ ਕੰਮ ਕਰਦੇ ਹੋਏ ਸਿਫਾਰਿਸ਼ ਕੀਤੀ ਗਈ ਸੀ। ਰੂਲਾਂ ਅਨੁਸਾਰ ਕਿਸੇ ਵੀ ਮੈਂਬਰ ਜਾਂ ਕਿਸਾਨ ਨੂੰ ਕਰਜ਼ਾ ਜਾਰੀ ਕਰਨ ਸਮੇਂ ਸਭਾ ਦੇ ਸਕੱਤਰ ਵੱਲੋਂ ਲਿਖਾ ਪੜੀ ਕੀਤੀ ਜਾਂਦੀ ਹੈ ਅਤੇ ਉਸਦੀ ਤਸਦੀਕ ਕਰਜਾ ਜਾਰੀ ਕਰਦੇ ਹੋਏ ਸੰਬੰਧਤ ਬੈਂਕ ਬਰਾਂਚ ਵੱਲੋਂ ਕੀਤੀ ਜਾਂਦੀ ਹੈ ਜਿਸ ਵਿੱਚ ਹਲਕਾ ਨਿਰੀਖਕ ਦਾ ਕੋਈ ਵੀ ਰੋਲ ਨਹੀਂ ਹੁੰਦਾ ਪਰ ਵਿਜੀਲੈਂਸ ਦੇ ਅਧਿਕਾਰੀ ਜੋ ਸਿਰਫ ਆਪਣੀਆਂ ਤਰੱਕੀਆਂ ਅਤੇ ਸਰਕਾਰ ਨੂੰ ਖੁਸ਼ ਕਰਨ ਲਈ ਬਿਨਾਂ ਪੜਤਾਲ ਕੀਤਿਆਂ ਪੰਜ ਪੰਜ ਸਾਲ ਕੇਸਾਂ ਨੂੰ ਲਮਕਾਉਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਹਰਾਸ ਕਰਦੇ ਹੋਏ ਉਹਨਾਂ ਵਿਰੁੱਧ ਗੈਰ ਕਾਨੂੰਨੀ ਕਾਰਵਾਈ ਕਰਦੇ ਹਨ।
ਉਹਨਾਂ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਸਮੁੱਚੇ ਹੀ ਇੰਸਪੈਕਟਰਜ਼ ਦੋ ਦਿਨਾਂ ਦੀ ਕਲਮ ਛੋੜ ਹੜਤਾਲ ਤੇ ਰਹਿਣਗੇ ਅਤੇ ਇਸ ਹੜਤਾਲ ਦਾ ਸਮਰਥਨ ਕਰਦੇ ਹੋਏ ਸਹਿਕਾਰਤਾ ਵਿਭਾਗ ਦੇ ਸਮੂਹ ਅਧਿਕਾਰੀ ਸਹਾਇਕ ਰਜਿਸਟਰਾਰ, ਉਪ ਰਜਿਸਟਰਾਰ, ਸੰਯੁਕਤ ਰਜਿਸਟਰਾਰ ਅਤੇ ਵਧੀਕ ਰਜਿਸਟਰਾਰ ਵੀ ਦੋ ਦਿਨਾ ਕਲਮ ਛੋੜ ਹੜਤਾਲ ਤੇ ਰਹਿਣਗੇ। ਜਿਸ ਨਾਲ ਪੰਜਾਬ ਭਰ ਵਿੱਚ ਕਿਸਾਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਇਸ ਮੁੱਦੇ ਤੇ ਤੁਰੰਤ ਕੋਈ ਕਾਰਵਾਈ ਨਹੀਂ ਕਰਦੀ ਤਾਂ ਜਲਦ ਹੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਥੇ ਇਹ ਦੱਸਣਾ ਬਹੁਤ ਜਰੂਰੀ ਹੈ ਕਿ ਸਹਿਕਾਰਤਾ ਵਿਭਾਗ ਅਤੇ ਵਿਜੀਲੈਂਸ ਵਿਭਾਗ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਅਧੀਨ ਹਨ।
ਇਸ ਮੌਕੇ ਤੇ ਜਨਰਲ ਸਕੱਤਰ ਫਕੀਰ ਚੰਦ ਗੋਇਲ, ਸਾਹਿਲ ਗਰਗ ਪਲਵਿੰਦਰ ਸਿੰਘ ਗੁਰਦੀਪ ਲਾਲ, ਨਿਤਿਨ ਮਹਿਰਾ, ਪਰਮਜੀਤ ਸਿੰਘ, ਫਕੀਰ ਚੰਦ ਅਮਨਦੀਪ ਸਿੰਘ ਤਨਵੀਰ ਕੋਹਲੀ ਤੇਜਿੰਦਰ ਸਿੰਘ ਤਰੁਣ ਨੰਦਾ ਕਪਿਲ ਕੁਮਾਰ ਸੰਜੀਵ ਕੁਮਾਰ, ਜਗਦੀਪ ਸਿੰਘ ਅਮਨ ਨਡਾਲਾ ਅੰਕਿਤ ਧੀਰ ਗੁਰਪ੍ਰੀਤ ਸਿੰਘ ਅਮਨ ਫਾਜ਼ਿਲਕਾ ਸੰਦੀਪ ਕੌਰ ਅਰਸ਼ਦੀਪ ਸਿੰਘ ਸਿਮਰਨ ਘੁੰਮਣ ਰਜਿੰਦਰ ਸਿੰਘ ਅੰਕਿਤ ਤੀਰ ਰਵਨੀਤ ਸਿੰਘ ਸੁਰਿੰਦਰ ਸਿੰਘ ਰੋਹਿਤ ਜੋਨ ਰਾਹੁਲ ਪ੍ਰਭਾਕਰ ਅਸ਼ੀਸ਼ ਪਾਲਪ੍ਰੀਤ ਸਿਮਰਨਜੀਤ ਸਿੰਘ ਲਵਪ੍ਰੀਤ ਮਣੀ ਵਰਮਾ ਰੋਹਿਤਪਾਲ ਧਰਮਿੰਦਰ ਸਿੰਘ ਹਿਮਾਂਸ਼ੂ ਗਰਗ ਸਵਰਨ ਸਿੰਘ ਪ੍ਰਥਮ ਅਰੋੜਾ ਸਾਹਿਲ ਗਰਗ ਮਨੀਸ਼ਾ ਅਤੇ ਹੋਰ ਇੰਸਪੈਕਟਰ ਮੌਜੂਦ ਸਨ।